ਪ੍ਰਾਚੀਨ ਜਨਮਸਾਖੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪ੍ਰਾਚੀਨ ਜਨਮਸਾਖੀ: ਇਹ ਜਨਮਸਾਖੀ ਸੇਵਾ ਸਿੰਘ ਸੇਵਕ ਨੇ 1969 ਈ. ਵਿਚ ਪ੍ਰਕਾਸ਼ਿਤ ਕੀਤੀ ਹੈ। ਇਸ ਦੀ ਆਧਾਰ ਪੋਥੀ ਸੇਵਕ ਹੋਰਾਂ ਨੂੰ ਖੋਜ ਦੇ ਦੌਰਾਨ ਪ੍ਰਾਪਤ ਹੋਈ ਇਕ ਅਜਿਹੀ ਪੋਥੀ ਹੈ ਜੋ ‘‘ਹੋਰ ਜਨਮਸਾਖੀਆਂ ਵਾਂਗ ਅਜਿਹੇ ਨੁਸਖੇ ਦਾ ਉਤਾਰਾ ਹੈ ਜੋ ਖੋਜ ਅਨੁਸਾਰ ਗੁਰੂ ਸਾਹਿਬ ਦੇ ਸਮੇਂ ਦੇ ਨੇੜੇ ਨੇੜੇ ਲਿਖਿਆ ਗਿਆ ਪ੍ਰਤੀਤ ਹੁੰਦਾ ਹੈ, ਛੇਵੇਂ ਗੁਰੂ ਸਾਹਿਬ ਸੰਮਤ 1695 ਬਿ. ਨੂੰ ਜੋਤੀ ਜੋਤਿ ਸਮਾਏ ਸਨ। ਇਸ ਪੁਸਤਕ ਦੀ ਅੰਦਰਲੀ ਗਵਾਹੀ, ਬੋਲੀ , ਸ਼ੈਲੀ , ਸ਼ਬਦਾਵਲੀ, ਕਹਿਣ-ਢੰਗ ਤੇ ਸਾਖੀਆਂ ਦੀ ਬੇਤਰਤੀਬੀ ਤੋਂ ਜਾਪਦਾ ਹੈ ਕਿ ਇਹ ਗੁਰੂ-ਕਾਲ ਦੇ ਅੰਤਲੇ ਸਾਲਾਂ ਦੀ ਰਚਨਾ ਹੈ। ਹਰ ਹਾਲਤ ਵਿਚ ਸੰਮਤ 1756 ਬਿ. ਤੋਂ ਕੁਝ ਸਮਾਂ ਪਹਿਲਾਂ ਲਿਖੀ ਗਈ ਸਿੱਧ ਹੁੰਦੀ ਹੈ।’’ (ਭੂਮਿਕਾ ਪੰਨਾ 28)। ਅਗੇ ਚਲ ਕੇ ਸੰਪਾਦਕ ਨੇ ਇਹ ਵੀ ਦਸਿਆ ਹੈ ਕਿ ‘‘ਪ੍ਰਾਚੀਨ ਜਨਮਸਾਖੀ ਦਾ ਲਿਖਣ-ਕਾਲ, ਸੰਮਤ 1677 ਬਿ. ਅਤੇ ਸੰਮਤ 1717 ਬਿ. ਭਾਵ ਸੰਨ 1620 ਈ. ਤੇ ਸੰਨ 1660 ਈ. ਦੇ ਵਿਚ ਦਾ ਹੈ।’’ (ਭੂਮਿਕਾ ਪੰਨਾ 35)। ਸਪੱਸ਼ਟ ਹੈ ਕਿ ਸੰਪਾਦਕ ਪ੍ਰਸਤੁਤ ਜਨਮਸਾਖੀ ਦਾ ਰਚਨਾ ਕਾਲ ਨਿਸ਼ਚਿਤ ਕਰਨ ਲਈ ਉਸ ਨੂੰ ਅਧਿਕ ਪ੍ਰਾਚੀਨ ਸਿੱਧ ਕਰਨ ਦੀ ਪ੍ਰਵ੍ਰਿੱਤੀ ਅਧੀਨ ਆਪਣੀ ਸਥਾਪਨਾ ਦਾ ਸੰਤੁਲਨ ਖੋਹ ਬੈਠਾ ਹੈ।

ਇਸ ਵਿਚ ‘ਭੂਮੀਆ ਚੋਰ ’ ਦੀ ਸਾਖੀ ਵੀ ਦਰਜ ਹੈ। ਇਹ ਸਾਖੀ ਬਹੁਤ ਨਵੀਨ ਹੈ। ਪੁਰਾਤਨ, ਮਿਹਰਬਾਨ ਅਤੇ ਆਦਿ ਸਾਖੀਆਂ , ਕਿਸੇ ਵੀ ਜਨਮਸਾਖੀ ਸਾਖਾ ਵਿਚ ਇਹ ਸਾਖੀ ਨਹੀਂ ਮਿਲਦੀ। ਇਸ ਸਾਖੀ ਦਾ ਸੰਕਲਨ ਕੇਵਲ ਹੱਥ-ਲਿਖਿਤ ‘Punjab 40’ ਵਿਚ ਮਿਲਦਾ ਹੈ, ਜੋ 1733 ਈ. (1790 ਬਿ.) ਦੀ ਲਿਖੀ ਹੈ। ਸਪੱਸ਼ਟ ਹੈ ਕਿ ਇਹ ਜਨਮਸਾਖੀ 1790 ਬਿ. ਤੋਂ ਪੁਰਾਣੀ ਨਹੀਂ ਹੋ ਸਕਦੀ। Guru Nanak and The Sikh Religion (p.113). ਵਿਚ ਡਾ. ਮੈਕਲਿਉਡ ਦੀ ਵੀ ਸਥਾਪਨਾ ਹੈ ਕਿ ਇਹ ਸਾਖੀ ਬਹੁਤ ਨਵੀਨ ਹੈ। ਇਸ ਸਾਖੀ ਦਾ ਪ੍ਰਸਤੁਤ ਸੰਗ੍ਰਹਿ ਵਿਚ ਸੰਕਲਿਤ ਹੋਣਾ ਇਸ ਦੀ ਆਧਾਰ ਪੋਥੀ ਨੂੰ 1733 ਈ. ਤੋਂ ਪਹਿਲਾਂ ਦਾ ਸਿੱਧ ਨਹੀਂ ਕਰਦਾ ਅਤੇ ਨ ਹੀ ਇਹ ਵੀ ਸਾਬਤ ਹੁੰਦਾ ਹੈ ਕਿ ਇਹ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਵਿਚ ਲਿਖੀ ਜਨਮਸਾਖੀ ਦੀ ਨਕਲ ਹੈ। ਸਗੋਂ ਅਨੇਕ ਜਨਮਸਾਖੀਆਂ ਵਿਚੋਂ ਲਏ ਗਏ ਬੇਮੇਲੇ ਤੱਤ੍ਵਾਂ ਦਾ ਇਕ ਅਜਿਹਾ ਸਾਖੀ-ਸੰਗ੍ਰਹਿ ਹੈ ਜਿਸ ਦੀ ਯੋਜਨਾ ਸੰਕਲਨ-ਕਰਤਾ ਦੀ ਮਨ-ਮਰਜ਼ੀ’ਤੇ ਆਧਾਰਿਤ ਹੈ।

ਇਸ ਜਨਮਸਾਖੀ ਵਿਚ ਕੁਲ 80 ਸਾਖੀਆਂ ਹਨ, ਜਿਨ੍ਹਾਂ ਵਿਚ ਲਗਭਗ 50 ਸਾਖੀਆਂ (1-11,13-18, 20-24,26-32,37,38,40-50,52-55 ਆਦਿ) ਦਾ ਆਧਾਰ ‘ਪੁਰਾਤਨ ਜਨਮਸਾਖੀ ’ ਹੈ। ਬਾਕੀਆਂ ਵਿਚੋਂ ਕੁਝ ਦਾ ਆਧਾਰ ਬਾਲੇ ਵਾਲੀ ਜਨਮਸਾਖੀ , ‘ਆਦਿ ਸਾਖੀਆਂ’, ਅਸ਼ੋਕ ਦੁਆਰਾ ਸੰਪਾਦਿਤ ‘ਪੁਰਾਤਨ ਜਨਮਸਾਖੀ’ ਹੈ। ਇਸ ਤਰ੍ਹਾਂ ਵਖ ਵਖ ਸਾਖਾਵਾਂ ਤੋਂ ਸਾਖੀਆਂ ਲੈ ਕੇ ਉਨ੍ਹਾਂ ਨੂੰ ਬੜੇ ਅਸੰਬੱਧ ਢੰਗ ਨਾਲ ਇਕੱਤਰ ਕੀਤਾ ਗਿਆ ਹੈ। ਇਸ ਜਨਮਸਾਖੀ ਦੇ ਆਰੰਭ ਵਿਚ ਸੰਪਾਦਕ ਨੇ 43 ਪੰਨਿਆਂ ਦੀ ਇਕ ਭੂਮਿਕਾ ਵੀ ਲਿਖੀ ਹੈ ਜਿਸ ਵਿਚ ਗੁਰੂ-ਵੰਸ਼ ਪਰੰਪਰਾ , ਜਨਮਸਾਖੀ ਪਰੰਪਰਾ ਅਤੇ ਪ੍ਰਸਤੁਤ ਜਨਮਸਾਖੀ ਬਾਰੇ ਸਾਧਾਰਣ ਪੱਧਰ ਦੀ ਜਾਣਕਾਰੀ ਕਰਾਈ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.